ਮੋਗਾ/ਸੰਜੀਵ ਕੁਮਾਰ ਅਰੋੜਾ
ਇਲਾਕੇ ਦੀ ਨਾਮਵਰ ਵਿਦਿਅਕ ਸੰਸਥਾ ਬਲੂਮਿੰਗ ਬਡਜ਼ ਸਕੂਲ ਵਿੱਚ ਬੀ.ਬੀ.ਐੱਸ ਗਰੁੱਪ ਚੇਅਰਮੈਨ ਡਾ. ਸੰਜੀਵ ਕੁਮਾਰ ਸੈਣੀ ਅਤੇ ਚੇਅਰਪਰਸਨ ਮੈਡਮ ਕਮਲ ਸੈਣੀ ਜੀ ਦੀ ਅਗੁਵਾਈ ਅਤੇ ਪ੍ਰਿੰਸਪਿਲ ਡਾ. ਹਮੀਲੀਆ ਰਾਣੀ ਜੀ ਦੀ ਲੀਡਰਸ਼ਿਪ ਹੇਠ ਵਿਸ਼ਵ ਵਾਤਾਵਰਨ ਦਿਵਸ ਮੌਕੇ ਵਿਦਿਆਰਥੀਆਂ ਵੱਲੋਂ ਆਪਣੇ ਘਰਾਂ ਵਿੱਚ ਬੈਠ ਕੇ ਚਾਰਟ, ਸਲੋਗਨ ਅਤੇ ਪੇਟਿੰਗ ਰਾਹੀਂ ਲੋਕਾਂ ਨੂੰ ਵੱਧ ਤੋਂ ਵੱਧ ਪੇੜ ਲਗਾਉਣ ਦੀ ਅਤੇ ਵਾਤਾਵਰਨ ਨੂੰ ਬਚਾਉਣ ਲਈ ਪ੍ਰੇਰਿਤ ਕੀਤਾ। ਵਿਦਿਆਰਥੀਆਂ ਨੇ ਇਸ ਮੌਕੇ ਆਪਣੇ ਘਰਾਂ ਵਿੱਚ ਬੂਟੇ ਲਗਾਏ। ਜਿਵੇਂ ਕਿ ਸਭ ਨੂੰ ਪਤਾ ਹੀ ਹੈ ਕਿ ਹੀਟ ਵੇਵ ਦੇ ਚਲਦਿਆਂ ਸਰਕਾਰ ਵੱਲੋਂ ਗਰਮੀਆਂ ਦੀਆਂ ਛੁੱਟੀਆਂ ਦਾ ਐਲਾਨ 21 ਮਈ ਤੋਂ ਹੀ ਹੋ ਗਿਆ ਸੀ ਜਦ ਕਿ ਆਮ ਤੌਰ ਤੇ ਛੁੱਟੀਆਂ 1 ਜੂਨ ਤੋਂ ਹੁੰਦੀਆਂ ਹਨ ਤੇ ਸਕੂਲ ਵਿੱਚ 10 ਰੋਜ਼ਾ ਸਮਰ ਕੈਂਪ ਦਾ ਆਯੋਜਨ ਕੀਤਾ ਜਾਂਦਾ ਹੈ। ਜਿਸਦੇ ਤਹਿਤ ਹਰ ਸਾਲ 5 ਜੂਨ ਨੂੰ ਵਾਤਾਵਰਨ ਦਿਵਸ ਮੌਕੇ ਸਕੂਲ ਵਿੱਚ ਵਿਦਿਆਰਥੀਆਂ ਅਤੇ ਸਟਾਫ ਵੱਲੋਂ ਸੈਂਕੜੇ ਬੂਟੇ ਲਗਾਏ ਜਾਂਦੇ ਹਨ।
ਗਰਮੀ ਧਿਆਨ ਵਿੱਚ ਰੱਖਦੇ ਹੋਏ ਇਸ ਸਾਲ ਵਾਤਾਵਰਨ ਦਿਵਸ ਮੌਕੇ ਵਿਦਿਆਰਥੀਆਂ ਵੱਲੋਂ ਆਪਣੇ ਘਰਾਂ ਵਿੱਚ ਹੀ ਬੂਟੇ ਲਗਾਏ ਗਏ। ਇਸ ਮੌਕੇ ਵਿਚਾਰ ਪੇਸ਼ ਕਰਦਿਆਂ ਗਰੁੱਪ ਚੇਅਰਮੈਨ ਡਾ. ਸੰਜੀਵ ਕੁਮਾਰ ਸੈਣੀ ਜੀ ਨੇ ਕਿਹਾ ਕਿ ਰੁੱਖਾਂ ਦੀ ਘਾਟ ਹੋਣ ਕਰਕੇ ਹੀ ਹੀਟ ਵੇਵ ਦਾ ਜਿਆਦਾ ਪ੍ਰਭਾਵ ਦੇਖਣ ਨੂੰ ਮਿਲ ਰਿਹਾ ਹੈ। ਇਸ ਵਿੱਚ ਕੋਈ ਸ਼ੱਕ ਨਹੀਂ ਕੇ ਆਪਣੀ ਅਗਾਂਹਵਧੂ ਸੋਚ ਸਦਕਾ ਇਨਸਾਨ ਨੇ ਬਹੁਤ ਤਰੱਕੀ ਕਰ ਲਈ ਹੈ ਅਤੇ ਹਜੇ ਵੀ ਅੱਗੇ ਵੱਧਦਾ ਜਾ ਰਿਹਾ ਹੈ, ਪਰ ਇਸ ਤਰੱਕੀ ਦੀ ਇੱਕ ਬਹੁਤ ਵੱਡੀ ਕੀਮਤ ਵੀ ਚੁਕਾਈ ਗਈ ਹੈ। ਤਰੱਕੀ ਕਰਕੇ ਇਨਸਾਨ ਨੇ ਜੀਵਨ ਤਾਂ ਖੁਸ਼ਹਾਲ ਬਣਾ ਲਿਆ ਪਰ ਹੁਣ ਇਨਸਾਨੀ ਜੀਵਨ ਦੀ ਹੋਂਦ ਹੀ ਖਤਰੇ ਵਿੱਚ ਨਜ਼ਰ ਆ ਰਹੀ ਹੈ।
ਅਸੀਂ ਸਾਰੇ ਚੰਗੀ ਤਰ੍ਹਾਂ ਇਹ ਜਾਣਦੇ ਹਾਂ ਕਿ ਆਕਸੀਜਨ ਤੋਂ ਬਗੈਰ ਇਸ ਧਰਤੀ ਉੱਪਰ ਜੀਵਨ ਸੰਭਵ ਨਹੀਂ ਹੈ ਅਤੇ ਰੁੱਖਾਂ ਦੇ ਬਗੈਰ ਆਕਸੀਜਨ ਦਾ ਹੋਰ ਕੋਈ ਵੀ ਸੋਮਾ ਇਸ ਧਰਤੀ ਉੱਪਰ ਮੌਜੂਦ ਨਹੀਂ ਹੈ। ਇਸ ਲਈ ਧਰਤੀ ਉੱਪਰ ਜੀਵਨ ਦੀ ਹੋਂਦ ਨੂੰ ਬਣਾਈ ਰੱਖਣ ਲਈ ਇਹ ਜ਼ਰੂਰੀ ਹੈ ਵੱਦ ਤੋਂ ਵੱਧ ਰੁੱਖ ਲਗਾਏ ਜਾਣ ਅਤੇ ਉਹਨਾਂ ਦੀ ਦੇਖਭਾਲ ਕੀਤੀ ਜਾਵੇ।