ਸਮੂਹ ਵਿਭਾਗਾਂ ਨੂੰ ਖਾਲੀ ਥਾਵਾਂ ਦੀ ਚੋਣ ਕਰਕੇ ਬੂਟੇ ਲਗਾਉਣ ਲਈ ਪ੍ਰੇਰਿਆ
ਬੂਟੇ ਲਗਾਉਣ ਤੇ ਸਹੀ ਸਾਂਭ ਸੰਭਾਲ ਕਰਨ ਲਈ ਲੋਕਾਂ ਤੋਂ ਸਰਗਰਮ ਸਹਿਯੋਗ ਮੰਗਿਆ
ਮੋਗਾ/ਸੰਜੀਵ ਕੁਮਾਰ ਅਰੋੜਾ
ਜ਼ਿਲ੍ਹਾ ਮੋਗਾ ਨੂੰ ਹਰਿਆਲੀ ਪੱਖੋਂ ਭਰਪੂਰ ਬਣਾਉਣ ਦੇ ਮਿੱਥੇ ਟੀਚੇ ਤਹਿਤ ਮੌਜੂਦਾ ਵਿੱਤੀ ਵਰ੍ਹੇ ਅੰਦਰ 4 ਲੱਖ ਬੂਟੇ ਲਗਾਉਣ ਅਤੇ ਉਨ੍ਹਾਂ ਦੀ ਸਹੀ ਪਰਵਰਿਸ਼ ਕਰਨ ਦਾ ਟੀਚਾ ਮਿਥਿਆ ਗਿਆ ਹੈ। ਇਹ ਪ੍ਰਗਟਾਵਾ ਡਿਪਟੀ ਕਮਿਸ਼ਨਰ ਸ੍ਰ ਕੁਲਵੰਤ ਸਿੰਘ ਨੇ ਅੱਜ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਵੱਖ-ਵੱਖ ਵਿਭਾਗਾਂ ਦੇ ਮੁਖੀਆਂ ਨਾਲ ਮੀਟਿੰਗ ਦੌਰਾਨ ਕੀਤਾ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਇਸ ਸਾਲ ਮਿੱਥੇ ਗਏ ਇਸ ਟੀਚੇ ਨੂੰ ਹਾਸਲ ਕਰਨ ਲਈ ਲੋਕਾਂ ਦੀ ਸਰਗਰਮ ਹਿੱਸੇਦਾਰੀ ਦੀ ਜ਼ਰੂਰਤ ਹੈ ਕਿਉਂਕਿ ਹਰ ਨਾਗਰਿਕ ਦਾ ਵੀ ਇਹ ਨੈਤਿਕ ਫਰਜ਼ ਹੈ ਕਿ ਉਹ ਆਪਣੇ ਆਲੇ ਦੁਆਲੇ ਨੂੰ ਹਰਿਆਲੀ ਭਰਪੂਰ ਬਣਾਉਣ ਲਈ ਕੁਦਰਤ ਨਾਲ ਆਪਣੀ ਸਾਂਝ ਨੂੰ ਮਜ਼ਬੂਤ ਕਰੇ। ਸਮੁੱਚੀ ਮੁਹਿੰਮ ਦੀ ਵਧੀਕ ਡਿਪਟੀ ਕਮਿਸ਼ਨਰ ਸ੍ਰ ਜਗਵਿੰਦਰਜੀਤ ਸਿੰਘ ਗਰੇਵਾਲ ਨਿਗਰਾਨੀ ਕਰਨਗੇ।
ਡਿਪਟੀ ਕਮਿਸ਼ਨਰ ਨੇ ਵਿਭਾਗੀ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਹਰੇਕ ਵਿਭਾਗ ਦੇ ਅਧੀਨ ਆਉਂਦੀਆਂ ਥਾਵਾਂ ਵਿੱਚੋਂ ਅਜਿਹੇ ਖਾਲੀ ਸਥਾਨਾਂ ਦੀ ਸੂਚੀ ਮੁਹੱਈਆ ਕਰਵਾਈ ਜਾਵੇ ਜਿਥੇ ਕਿ ਮੌਨਸੂਨ ਸੀਜ਼ਨ ਦੌਰਾਨ ਬੂਟੇ ਲਗਾਏ ਜਾ ਸਕਦੇ ਹਨ। ਇਹ ਸੂਚੀਆਂ 19 ਜੂਨ 2024 ਤੱਕ ਭੇਜਣ ਲਈ ਕਿਹਾ ਗਿਆ।
ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਹੇਠ ਵਣ ਵਿਭਾਗ ਵੱਲੋਂ ਇਸ ਟੀਚੇ ਦੀ ਪ੍ਰਾਪਤੀ ਲਈ ਯੋਜਨਾ ਤਿਆਰ ਕੀਤੀ ਗਈ ਹੈ ਜਿਸ ਨੂੰ ਸਾਰਿਆਂ ਦੇ ਸਹਿਯੋਗ ਨਾਲ ਨੇਪਰੇ ਚੜ੍ਹਾਇਆ ਜਾਵੇਗਾ। ਕੁੱਲ 4 ਲੱਖ ਬੂਟਿਆਂ ਵਿੱਚੋਂ 1.50 ਲੱਖ ਬੂਟੇ ਜੰਗਲਾਤ ਵਿਭਾਗ ਵੱਲੋਂ ਆਪਣੇ ਪੱਧਰ ਉੱਤੇ ਲਗਾਏ ਜਾਣਗੇ ਜਦਕਿ ਬਾਕੀ ਬੂਟੇ ਵੱਖ ਵੱਖ ਵਿਭਾਗਾਂ ਦੇ ਸਹਿਯੋਗ ਨਾਲ ਲਗਾਏ ਜਾਣਗੇ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਕੋਸ਼ਿਸ਼ ਕੀਤੀ ਜਾਵੇਗੀ ਕਿ ਜਿਆਦਾਤਰ ਬੂਟੇ ਮਗਨਰੇਗਾ ਰਾਹੀਂ ਲਗਵਾਏ ਜਾਣ ਜਦਕਿ ਸਰਕਾਰੀ ਵਿਭਾਗਾਂ ਦੇ ਅਧਿਕਾਰੀਆਂ ਦੇ ਨਾਲ ਨਾਲ ਕਿਸਾਨਾਂ, ਸਮਾਜ ਸੇਵੀ ਸੰਗਠਨਾਂ, ਗੈਰ ਸਿਆਸੀ ਜਥੇਬੰਦੀਆਂ, ਵਿਦਿਅਕ ਅਦਾਰਿਆਂ, ਯੂਥ ਕਲੱਬਾਂ, ਖੇਡ ਕਲੱਬਾਂ ਨਾਲ ਤਾਲਮੇਲ ਕਰਦੇ ਹੋਏ ਵੀ ਇਸ ਉਦੇਸ਼ ਦੀ ਪੂਰਤੀ ਲਈ ਉਪਰਾਲੇ ਕੀਤੇ ਜਾਣਗੇ।
ਇਸ ਮੌਕੇ ਵਣ ਪਾਲ ਅਧਿਕਾਰੀ ਸ੍ਰੀ ਨਰੇਸ਼ ਮਹਾਜਨ ਨੇ ਦੱਸਿਆ ਕਿ ਇਸ ਮੁਹਿੰਮ ਤਹਿਤ ਜ਼ਿਲ੍ਹਾ ਨਿਵਾਸੀਆਂ ਨੂੰ ਵੀ ਬੂਟੇ ਮੁਫ਼ਤ ਮੁਹੱਈਆ ਕਰਵਾਏ ਜਾਣਗੇ ਤਾਂ ਜੋ ਲੋਕ ਆਪਣੇ ਆਲੇ ਦੁਆਲੇ ਖਾਲੀ ਪਈਆਂ ਥਾਵਾਂ, ਪਲਾਟਾਂ ਆਦਿ ਵਿੱਚ ਬੂਟੇ ਲਗਾ ਸਕਣ। ਉਨ੍ਹਾਂ ਦੱਸਿਆ ਕਿ ਰਵਾਇਤੀ ਕਿਸਮਾਂ ਦੇ ਬੂਟੇ ਜਿਵੇਂ ਬੋਹੜ, ਪਿੱਪਲ, ਕਿੱਕਰ, ਟਾਹਲੀ, ਨਿੰਮ ਆਦਿ ਦੇ ਨਾਲ ਨਾਲ ਫੁੱਲਾਂ ਦੀਆਂ ਵਿਭਿੰਨ ਕਿਸਮਾਂ, ਛਾਂਦਾਰ ਬੂਟੇ ਵੀ ਵੰਡੇ ਜਾਣਗੇ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਵਿੱਚ ਵਣ ਵਿਭਾਗੀ ਅਤੇ ਹੋਰ ਨਰਸਰੀਆਂ ਵਿੱਚ 11 ਲੱਖ ਬੂਟੇ ਤਿਆਰ ਕੀਤੇ ਗਏ ਹਨ।
ਮੀਟਿੰਗ ਦੌਰਾਨ ਵਧੀਕ ਡਿਪਟੀ ਕਮਿਸ਼ਨਰ (ਵ) ਸ੍ਰ ਜਗਵਿੰਦਰਜੀਤ ਸਿੰਘ ਗਰੇਵਾਲ, ਐਸ.ਡੀ.ਐਮ ਬਾਘਾਪੁਰਾਣਾ ਸ੍ਰ ਹਰਕੰਵਲਜੀਤ ਸਿੰਘ, ਐਸ.ਡੀ.ਐਮ ਮੋਗਾ ਸ੍ਰ ਸਾਰੰਗਪ੍ਰੀਤ ਸਿੰਘ ਔਜਲਾ, ਐਸ.ਡੀ.ਐਮ ਧਰਮਕੋਟ ਸ੍ਰ ਜਸਪਾਲ ਸਿੰਘ ਬਰਾੜ, ਐੱਸ ਪੀ ਸਥਾਨਕ ਸ੍ਰ ਗੁਰਸ਼ਰਨ ਸਿੰਘ ਸੰਧੂ ਸਮੇਤ ਹੋਰ ਵਿਭਾਗਾਂ ਦੇ ਮੁਖੀ ਵੀ ਹਾਜ਼ਰ ਸਨ।