ਕੈਂਬਰਿਜ ਇੰਟਰਨੈਸ਼ਨਲ ਸਕੂਲ ਨੇ ‘ਮਿਸ਼ਨ ਹਰਿਆਲੀ 2024’ ਦੇ ਤਹਿਤ 1010 ਪੌਦੇ ਲਗਾਉਣ ਵਿੱਚ ਸਫ਼ਲਤਾ ਹਾਸਲ ਕੀਤੀ।

ਮੋਗਾ/ਸੰਜੀਵ ਕੁਮਾਰ ਅਰੋੜਾ



ਮੋਗਾ ਜ਼ਿਲ੍ਹੇ ਦੀ ਉੱਘੀ ਵਿੱਦਿਅਕ ਸੰਸਥਾ ਕੈਂਬਰਿਜ ਇੰਟਰਨੈਸ਼ਨਲ ਸਕੂਲ, ਮੋਗਾ ਵਿਖੇ ਚੇਅਰਮੈਨ ਸਰਦਾਰ ਦਵਿੰਦਰ ਪਾਲ ਸਿੰਘ, ਪ੍ਰੈਜੀਡੈਂਟ ਸਰਦਾਰ ਕੁਲਦੀਪ ਸਿੰਘ ਸਹਿਗਲ, ਵਾਈਸ ਪ੍ਰੈਜੀਡੈਂਟ ਡਾਕਟਰ ਇਕਬਾਲ ਸਿੰਘ , ਜਨਰਲ ਸੈਕਟਰੀ ਪਰਮਜੀਤ ਕੌਰ,ਮੈਡਮ ਹਰਪ੍ਰੀਤ ਕੌਰ, ਪ੍ਰਿੰਸੀਪਲ ਸਤਵਿੰਦਰ ਕੌਰ ਅਤੇ ਵਾਈਸ ਪ੍ਰਿੰਸੀਪਲ ਅਮਨਦੀਪ ਗਿਰਧਰ ਦੀ ਅਗਵਾਈ ਹੇਠ ਆਪਣਾ ਪੰਜਾਬ ਫਾਊਂਡੇਸ਼ਨ ਵੱਲੋਂ ਆਰੰਭੇ ਮਿਸ਼ਨ ਹਰਿਆਲੀ 2024 ਪ੍ਰੋਗਰਾਮ ਤਹਿਤ ਵਿਦਿਆਰਥੀਆਂ ਅਤੇ ਅਧਿਆਪਕਾਂ ਨੇ ਮਿਲ ਕੇ 1010 ਪੌਦੇ ਲਗਾਉਣ ਵਿੱਚ ਸਫਲਤਾ ਹਾਸਿਲ ਕੀਤੀ। ਪ੍ਰਿੰਸੀਪਲ ਸਤਵਿੰਦਰ ਕੌਰ ਨੇ ਦੱਸਿਆ ਕਿ ਗਰਮੀ ਦੀਆਂ ਛੁੱਟੀਆਂ ਦੌਰਾਨ ਵਿਦਿਆਰਥੀਆਂ ਨੂੰ 5 ਜੂਨ,2024 ਵਿਸ਼ਵ ਵਾਤਾਵਰਨ ਦਿਵਸ ਮੌਕੇ ‘ਇੱਕ ਪੌਦਾ ਲਗਾਓ ਅਤੇ ਆਕਸੀਜਨ ਮੁਫ਼ਤ  ਪਾਓ’ ਥੀਮ ਦੇ ਅੰਤਰਗਤ ਵੱਖ- ਵੱਖ ਪੌਦੇ ਲਗਾਉਣ ਲਈ ਹਦਾਇਤ ਦਿੱਤੀ ਗਈ ਸੀ ਜਿਸਦੇ ਤਹਿਤ ਵਿਦਿਆਰਥੀਆਂ ਨੂੰ ਵਿਸ਼ੇਸ਼ ਕਰਕੇ ਫ਼ਲਦਾਰ ਅਤੇ ਨਿੰਮ ਦੇ ਬੂਟੇ ਲਾਉਣ ਲਈ ਵੀ ਕਿਹਾ ਗਿਆ ਸੀ ਤਾਂ ਜੋ ਸਾਨੂੰ ਸ਼ੁੱਧ ਹਵਾ ਤੇ ਆਕਸੀਜਨ ਮਿਲ ਸਕੇ ਅਤੇ ਆਲਮੀ ਤਪਸ਼ ਨੂੰ ਕੁਝ ਹੱਦ ਤੱਕ ਘਟਾਇਆ ਜਾ ਸਕੇ।ਵਿਦਿਆਰਥੀਆਂ ਨੇ ਪੂਰੇ ਉਤਸ਼ਾਹ ਨਾਲ ਇਸ ਗਤੀਵਿਧੀ ਵਿੱਚ ਭਾਗ ਲਿਆ ਅਤੇ ਵਿਦਿਆਰਥੀਆਂ ਨੇ ਮਿਲ ਕੇ ਇਸ ਮੁਹਿੰਮ ਵਿੱਚ ਸਫਲਤਾ ਹਾਸਲ ਕੀਤੀ। ਵਿਦਿਆਰਥੀਆਂ ਨੂੰ ਛੁੱਟੀਆਂ ਦੇ ਕੰਮ ਵਿੱਚ ਪਾਣੀ ਅਤੇ ਬਿਜਲੀ ਬਚਾਉਣ ਲਈ ਵੀ ਪ੍ਰੇਰਿਤ ਕੀਤਾ ਗਿਆ ਸੀ ਜਿਸ ਦੇ ਤਹਿਤ ਹਰ ਵਿਦਿਆਰਥੀ ਨੇ ਪਾਣੀ ਅਤੇ ਬਿਜਲੀ ਦੀ ਬੱਚਤ ਦਾ ਰਿਕਾਰਡ ਤਿਆਰ ਕੀਤਾ ਅਤੇ ਆਪਣੇ ਆਪਣੇ ਜਮਾਤ ਇੰਚਾਰਜ ਨੂੰ ਜਮਾਂ ਕਰਵਾਇਆ। ਪ੍ਰਿੰਸੀਪਲ ਸਤਵਿੰਦਰ ਕੌਰ ਨੇ ਦੱਸਿਆ ਕਿ ਸਕੂਲ ਵਿੱਚ ਮੀਂਹ ਦੇ ਪਾਣੀ ਨੂੰ ਬਚਾਉਣ ਲਈ ਵੀ ਸੁਚਾਰੂ ਪ੍ਰਬੰਧ ਕੀਤਾ ਗਿਆ ਹੈ। ਸਕੂਲ ਵਿੱਚ ਹਰ ਸਾਲ ਵਿਦਿਆਰਥੀਆਂ ਲਈ ਛੁੱਟੀਆਂ ਦੇ ਕੰਮ ਵਿੱਚ ਅਜਿਹੀਆਂ ਗਤੀਵਿਧੀਆਂ ਆਯੋਜਿਤ ਕੀਤੀਆਂ ਜਾਂਦੀਆਂ ਹਨ ਤਾਂ ਜੋ ਵਿਦਿਆਰਥੀ ਵਾਤਾਵਰਨ ਦੀ ਸਾਂਭ ਸੰਭਾਲ ਲਈ ਜਾਗਰੂਕ ਹੋ ਸਕਣ ਅਤੇ ਆਪਣਾ ਬਣਦਾ ਯੋਗਦਾਨ ਦੇ ਸਕਣ।

Leave a Reply

Your email address will not be published. Required fields are marked *