ਮੋਗਾ/ਸੰਜੀਵ ਕੁਮਾਰ ਅਰੋੜਾ
ਕੈਬਰਿਜ ਇੰਟਰਨੈਸ਼ਨਲ ਸਕੂਲ, ਮੋਗਾ ਜ਼ਿਲੇ ਦੀ ਉੱਘੀ ਵਿੱਦਿਅਕ ਸੰਸਥਾ ਵਿਖੇ ਸਕੂਲ ਦੇ ਜਨਰਲ ਸੈਕਟਰੀ ਪਰਮਜੀਤ ਕੌਰ, ਮੈਡਮ ਹਰਪ੍ਰੀਤ ਕੌਰ, ਪ੍ਰਿੰਸੀਪਲ ਸਤਵਿੰਦਰ ਕੌਰ, ਵਾਈਸ ਪ੍ਰਿੰਸੀਪਲ ਅਮਨਦੀਪ ਗਿਰਧਰ ਅਤੇ ਐਕਟੀਵਿਟੀ ਕੁਆਡੀਨੇਟਰ ਜਸਪ੍ਰੀਤ ਕੌਰ ਦੀ ਅਗਵਾਈ ਹੇਠ ਗਿਆਰਵੀਂ ਅਤੇ ਬਾਰ੍ਹਵੀਂ ਜਮਾਤ ਦੀਆਂ ਵਿਦਿਆਰਥਣਾਂ ਲਈ ਤੀਆਂ ਦੇ ਤਿਉਹਾਰ ਦਾ ਆਯੋਜਨ ਕੀਤਾ ਗਿਆ ਜਿਸ ਦਾ ਮੁੱਖ ਉਦੇਸ਼ ਵਿਦਿਆਰਥਣਾਂ ਨੂੰ ਅਲੋਪ ਹੋ ਰਹੇ ਪੰਜਾਬੀ ਸੱਭਿਆਚਾਰ ਨਾਲ ਜੋੜਨਾ ਸੀ। ਇਸ ਮੌਕੇ ਵਿਦਿਆਰਥਣਾਂ ਨੇ ਮਹਿੰਦੀ ਮੁਕਾਬਲੇ ਅਤੇ ਮਜਾਜਣ ਮੇਲੇ ਦੀ ਮੁਕਾਬਲੇ ਵਿੱਚ ਭਾਗ ਲਿਆ। ਇਸ ਮੁਕਾਬਲੇ ਵਿੱਚ ਜੱਜਾਂ ਦੀ ਭੂਮਿਕਾ ਮੈਡਮ ਹਰਪ੍ਰੀਤ ਕੌਰ ਅਤੇ ਜਨਰਲ ਸੈਕਟਰੀ ਮੈਡਮ ਪਰਮਜੀਤ ਕੌਰ ਨੇ ਨਿਭਾਈ ਜਿਨ੍ਹਾਂ ਨੇ ਆਪਣੇ ਪ੍ਰਸ਼ਨਾਂ ਦੁਆਰਾ ਵਿਦਿਆਰਥਣਾਂ ਨੂੰ ਪੰਜਾਬੀ ਸੱਭਿਆਚਾਰ, ਪੰਜਾਬੀ ਤਿਉਹਾਰਾਂ ਤੇ ਰਸਮਾਂ ਰਿਵਾਜ਼ਾਂ ਬਾਰੇ ਦੱਸਿਆ ਅਤੇ ਨਾਲ ਹੀ ਵਿਦਿਆਰਥਣਾਂ ਦੀ ਜਾਣਕਾਰੀ ਦੀ ਵੀ ਪਰਖ ਕੀਤੀ।
ਮਜਾਜਣ ਮੇਲੇ ਦੀ ਮੁਕਾਬਲੇ ਵਿੱਚ ਬਹੁਤ ਸਾਰੇ ਵੱਖ-ਵੱਖ ਰਾਊਂਡ ਨਿਸ਼ਚਿਤ ਕੀਤੇ ਗਏ ਸਨ ਜਿਨਾਂ ਦੁਆਰਾ ਵਿਦਿਆਰਥਣਾਂ ਦੇ ਪੰਜਾਬੀ ਪਹਿਰਾਵੇ, ਹੁਨਰ, ਆਤਮ ਵਿਸ਼ਵਾਸ ਤੇ ਲੋਕ ਨਾਚ ਗਿੱਧੇ ਦੁਆਰਾ ਬੋਲੀਆਂ ਪਾਉਣ ਦੀ ਜਾਂਚ ਨੂੰ ਪਰਖਿਆ ਗਿਆ। ਇਸ ਮੁਕਾਬਲੇ ਵਿੱਚ ਸਕੂਲ ਦੀ ਬਾਰ੍ਹਵੀਂ ਜਮਾਤ ਦੀ ਵਿਦਿਆਰਥਣ ਕੁਸ਼ਲਪ੍ਰੀਤ ਕੌਰ ਪਹਿਲੇ ਸਥਾਨ, ਨਵਜੋਤ ਕੌਰ ਦੂਸਰੇ ਅਤੇ ਅਵਨੀਤ ਕੌਰ ਤੀਸਰੇ ਸਥਾਨ ਤੇ ਰਹੀਆਂ ਅਤੇ ਮਹਿੰਦੀ ਮੁਕਾਬਲੇ ਵਿੱਚ ਸੁਮਨਪ੍ਰੀਤ ਕੌਰ ਜੇਤੂ ਰਹੀ। ਜਨਰਲ ਸੈਕਟਰੀ ਪਰਮਜੀਤ ਕੌਰ, ਮੈਡਮ ਹਰਪ੍ਰੀਤ ਕੌਰ ਪ੍ਰਿੰਸੀਪਲ ਸਤਵਿੰਦਰ ਕੌਰ ਅਤੇ ਵਾਈਸ ਪ੍ਰਿੰਸੀਪਲ ਅਮਨਦੀਪ ਗਿਰਧਰ ਵੱਲੋਂ ਵਿਦਿਆਰਥਣ ਕੁਸ਼ਲਪ੍ਰੀਤ ਕੌਰ ਨੂੰ’ ਮਜਾਜਣ ਮੇਲੇ ਦੀ’ ਦਾ ਤਾਜ ਪਹਿਨਾਇਆ ਗਿਆ।
ਬਾਰ੍ਹਵੀਂ ਜਮਾਤ ਦੀਆਂ ਵਿਦਿਆਰਥਣਾਂ ਨੇ ਪੰਜਾਬੀ ਗੀਤਾਂ ਤੇ ਮਨਮੋਹਕ ਨਾਚ ਪੇਸ਼ ਕੀਤਾ। ਵਿਦਿਆਰਥਣ ਨਵਿਆ ਸਹਿਗਲ ਅਤੇ ਤਜਿੰਦਰ ਕੌਰ ਨੇ ਬਹੁਤ ਹੀ ਦਿਲ ਟੁੰਬਵੀਂ ਆਵਾਜ਼ ਵਿੱਚ ਗੀਤ ਪੇਸ਼ ਕੀਤਾ। ਇਸ ਗੀਤ ਦਾ ਸਭ ਨੇ ਬਹੁਤ ਆਨੰਦ ਮਾਣਿਆ। ਸਕੂਲ ਦੀਆਂ ਗਿਆਰਵੀਂ ਅਤੇ ਬਾਰ੍ਹਵੀਂ ਜਮਾਤ ਦੀਆਂ ਵਿਦਿਆਰਥਣਾਂ ਨੇ ਪ੍ਰਿੰਸੀਪਲ ਸਤਵਿੰਦਰ ਕੌਰ ਦਾ ਇਸ ਮੇਲੇ ਨੂੰ ਆਯੋਜਿਤ ਕਰਨ ਤੇ ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ। ਪ੍ਰਿੰਸੀਪਲ ਸਤਿੰਦਰ ਕੌਰ ਨੇ ਵਿਦਿਆਰਥਣਾਂ ਨੂੰ ਇਸ ਮੁਕਾਬਲੇ ਭਰੇ ਯੁੱਗ ਵਿੱਚ ਆਪਣੀ ਮਾਂ ਬੋਲੀ ਅਤੇ ਆਪਣੇ ਸੱਭਿਆਚਾਰ ਨਾਲ ਜੁੜਨ ਦਾ ਸੰਦੇਸ਼ ਦਿੱਤਾ।