ਮੋਗਾ/ਸੰਜੀਵ ਕੁਮਾਰ ਅਰੋੜਾ
ਜ਼ਿਲ੍ਹਾ ਮੋਗਾ ਦੀਆਂ ਮਾਣਮੱਤੀ, ਅਗਾਂਹਵਧੂ ਅਤੇ ਨਾਮਵਰ ਵਿੱਦਿਅਕ ਸੰਸਥਾਵਾਂ ਬੀ.ਬੀ.ਐਸ ਗਰੁੱਪ ਆਫ ਸਕੂਲਜ਼ ਜੋ ਕਿ ਗਰੁੱਪ ਚੇਅਰਮੈਨ ਡਾਕਟਰ ਸ਼੍ਰੀ ਸੰਜੀਵ ਕੁਮਾਰ ਸੈਣੀ ਅਤੇ ਚੇਅਰਪਰਸਨ ਮੈਡਮ ਕਮਲ ਸੈਣੀ ਜੀ ਦੀ ਯੋਗ ਸਰਪ੍ਰਸਤੀ ਹੇਂਠ ਚੱਲ ਰਹੀਆਂ ਹਨ ਦਾ ਹਿੱਸਾ ਬਲੂਮਿੰਗ ਬੱਡਜ਼ ਸੀਨੀਅਰ ਸੈਕੰਡਰੀ ਸਕੂਲ, ਪਿੰਡ-ਚੰਦਨਵਾਂ, ਤਹਿਸੀਲ-ਬਾਘਾਪੁਰਾਣਾ ਅਤੇ ਜ਼ਿਲ੍ਹਾ-ਮੋਗਾ ਵਿਖੇ ਊਧਮ ਸਿੰਘ ਜੀ ਦਾ ਸ਼ਹੀਦੀ ਦਿਹਾੜਾ ਮਨਾਇਆ ਗਿਆ । ਇਸ ਮੌਕੇ ਸਕੂਲ ਕੈਂਪਸ ਵਿਖੇ ਵਿਸ਼ੇਸ਼ ਪ੍ਰਾਰਥਨਾ ਸਭਾ ਦਾ ਆਯੋਜਨ ਕੀਤਾ ਗਿਆ ਅਤੇ ਵਿਦਿਆਰਥੀਆਂ ਦੁਆਰਾ ਊਧਮ ਸਿੰਘ ਜੀ ਦੀ ਸ਼ਹੀਦੀ ਨੂੰ ਸਮਰਪਿਤ ਸੁੰਦਰ ਚਾਰਟ ਬਣਾਏ ਗਏ ।ਵਿਦਿਆਰਥੀਆਂ ਦੁਆਰਾ ਊਧਮ ਸਿੰਘ ਜੀ ਦੀ ਜੀਵਣੀ ਤੇ ਸਪੀਚ ਪੇਸ਼ ਕੀਤੀ ਗਈ ।ਮੈਡਮ ਰਮਨ ਸ਼ਰਮਾ ਵੱਲੋਂ ਵਿਦਿਆਰਥੀਆਂ ਨੂੰ ਸੰਬੋਧਨ ਕਰਦੇ ਹੋਏ ਦੱਸਿਆ ਗਿਆ ਕਿ ਊਧਮ ਸਿੰਘ ਗਦਰ ਪਾਰਟੀ ਅਤੇ ਐਚ.ਐਸ.ਆਰ.ਏ ਨਾਲ ਸੰਬੰਧਤ ਇੱਕ ਭਾਰਤੀ ਕ੍ਰਾਂਤੀਕਾਰੀ ਸਨ , ਜੋ 13 ਮਾਰਚ,1940 ਨੂੰ ਭਾਰਤ ਵਿੱਚ ਪੰਜਾਬ ਦੇ ਸਾਬਕਾ ਲੈਫਟੀਨੈਂਟ ਗਵਰਨਰ ਮਾਈਕਲ ਓਡਵਾਇਰ ਦੀ ਹੱਤਿਆ ਲਈ ਸਭ ਤੋਂ ਵੱਧ ਜਾਣੇ ਜਾਂਦੇ ਸਨ । ਇਹ ਕਤਲ 1919 ਵਿੱਚ ਅੰਮ੍ਰਿਤਸਰ ਵਿੱਚ ਜੱਲ੍ਹਿਆਂਵਾਲਾ ਬਾਗ ਦੇ ਸਾਕੇ ਦਾ ਬਦਲਾ ਲੈਣ ਲਈ ਕੀਤਾ ਗਿਆ ਸੀ, ਜਿਸ ਲਈ ਓਡਵਾਇਰ ਜ਼ਿੰੇਵਾਰ ਸੀ ਅਤੇ ਜਿਸ ਵਿੱਚੋਂ ਊਧਮ ਸਿੰਘ ਆਪ ਬਚੇ ਹੋਏ ਸਨ ।ਉਹਨਾਂ ਨੂੰ ਸ਼ਹੀਦ-ਏ-ਆਜ਼ਮ ਊਧਮ ਸਿੰਘ ਵੱਜੋਂ ਵੀ ਜਾਣਿਆ ਜਾਂਦਾ ਹੈ ।13 ਮਾਰਚ 1940 ਨੂੰ ਈਸਟ ਐਸੋਸੀਏਸ਼ਨ ਅਤੇ ਸੈਂਟਰਲ ਏਸ਼ੀਅਨ ਸੁਸਾਇਟੀ ਦੀ 10 ਕੈਕਸਨ ਹਾਲ ਲੰਡਨ ਵਿਖੇ ਮੀਟਿੰਗ ਹੋ ਰਹੀ ਸੀ , ਜਿੱਥੇ ਜਲ੍ਹਿਆਂਵਾਲੇ ਬਾਗ ਦੇ ਘਿਨੌਣੇ ਸਾਕੇ ਦਾ ਦੋਸ਼ੀ ਮਾਈਕਲ ਓਡਵਾਇਰ ਬੁਲਾਰੇ ਵੱਜੋਂ ਭਾਸ਼ਣ ਦੇ ਰਿਹਾ ਸੀ ।ਸ਼ਹੀਦ ਊਧਮ ਸਿੰਘ ਨੇ ਆਪਣੇ ਨਾਲ ਛੁਪਾ ਕੇ ਰੱਖੀ ਹੋਈ ਰਿਵਾਲਵਰ ਨਾਲ ਉਸ ਨੂੰ ਮਾਰ ਮੁਕਾਇਆ । ਇਸ ਬਾਰੇ ਜਰਮਨ ਰੇਡੀਓ ਤੋਂ ਵਾਰ-ਵਾਰ ਇਹ ਨਸ਼ਰ ਹੁੰਦਾ ਰਿਹਾ “ਹਾਥੀਆਂ ਦੀ ਤਰ੍ਹਾਂ ਭਾਰਤੀ ਆਪਣੇ ਦੁਸ਼ਮਣਾਂ ਨੂੰ ਕਦੇ ਵੀ ਮੁਆਫ ਨਹੀਂ ਕਰਦੇ । ਉਹ ਵੀਹ ਸਾਲ ਤੋਂ ਲੰਮੇ ਵਕਫੇ ਬਾਅਦ ਵੀ ਉਨ੍ਹਾਂ ਨੂੰ ਮਾਰ ਮੁਕਾਉਂਦੇ ਹਨ ।“ਮੈਡਮ ਸੁਖਜੀਤ ਕੌਰ ਵੱਲੋਂ ਦੱਸਿਆ ਗਿਆ ਕਿ ਸ਼ਹੀਦ ਊਧਮ ਸਿੰਘ ਦੀ ਕੁਰਬਾਨੀ ਸਦੀਆਂ ਤੱਕ ਭਾਰਤੀ ਲੋਕਾਂ ਨੂੰ ਦੇਸ਼ ਪਿਆਰ ਅਤੇ ਦੇਸ਼ ਲਈ ਕੁਰਬਾਨ ਹੋਣ ਦੀ ਪ੍ਰੇਰਨਾ ਦਿੰਦੀ ਰਹੇਗੀ ।