ਸੂਬੇ ਦੀ ਪ੍ਰਮੁੱਖ ਵਿੱਦਿਅਕ ਸੰਸਥਾ ਆਈ.ਐੱਸ.ਐੱਫ. ਕਾਲਜ ਆਫ ਫਾਰਮੇਸੀ ਵਿਖੇ ਆਈ.ਕਿਊ.ਏ.ਸੀ. ਅਤੇ ਇੰਸਟੀਚਿਊਸ਼ਨਲ ਇਨੋਵੇਸ਼ਨ ਕੌਂਸਲ ਵੱਲੋਂ ਸਾਂਝੇ ਤੌਰ ’ਤੇ ਪੋਸਟ ਗ੍ਰੈਜੂਏਟ ਵਿਦਿਆਰਥੀਆਂ ਲਈ ‘ਐਕਸਪੋਜ਼ਰ ਆਫ ਪ੍ਰੋਬਲਮ ਆਈਡੈਂਟੀਫਿਕੇਸ਼ਨ’ ਵਿਸ਼ੇ ’ਤੇ ਫੀਲਡ ਵਿਜ਼ਿਟ ਕਰਵਾਈ ਗਈ।

ਇਸ ਮੌਕੇ ਵਿਦਿਆਰਥੀਆਂ ਨੇ ਸਥਾਨਕ ਕਿਸਾਨਾਂ ਅਤੇ ਉਨ੍ਹਾਂ ਥਾਵਾਂ ਦਾ ਦੌਰਾ ਕੀਤਾ, ਜਿੱਥੇ ਪਰਾਲੀ ਇਕੱਠੀ ਕੀਤੀ ਜਾਂਦੀ ਹੈ। ਉਨ੍ਹਾਂ ਨੇ ਪਰਾਲੀ ਦੀ ਸੰਭਾਲ ਅਤੇ ਇਸ ਦੀ ਵੱਖ-ਵੱਖ ਖੇਤਰਾਂ ਵਿੱਚ ਵਰਤੋਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਪ੍ਰਾਪਤ ਕੀਤੀ।

ਵਿਦਿਆਰਥੀਆਂ ਨੂੰ ਦੱਸਿਆ ਗਿਆ ਕਿ ਪਰਾਲੀ ਦੀ ਵਰਤੋਂ ਕਾਗਜ਼, ਬਾਇਓ ਐਨਰਜੀ, ਬਾਇਓਮਾਸ, ਇੱਟਾਂ, ਪੈਕਿੰਗ ਮਟੀਰੀਅਲ ਅਤੇ ਪਲੇਟਾਂ ਆਦਿ ਬਣਾਉਣ ਲਈ ਕੀਤੀ ਜਾ ਸਕਦੀ ਹੈ। ਵਿਦਿਆਰਥੀਆਂ ਨੇ ਪਰਾਲੀ ਦੀ ਉਪਯੋਗਤਾ ਨੂੰ ਸਮਝਦਿਆਂ ਭਵਿੱਖ ਵਿੱਚ ਇਸ ਵਿਸ਼ੇ ’ਤੇ ਹੋਰ ਖੋਜ ਅਤੇ ਨਵੀਨਤਮ ਉਤਪਾਦ ਤਿਆਰ ਕਰਨ ਲਈ ਕੰਮ ਕਰਨ ਦਾ ਪ੍ਰਸਤਾਵ ਰੱਖਿਆ। ਉਨ੍ਹਾਂ ਨੇ ਕਿਸਾਨਾਂ ਨੂੰ ਵੀ ਅਪੀਲ ਕੀਤੀ ਕਿ ਪਰਾਲੀ ਨੂੰ ਸਾੜਨ ਦੀ ਬਜਾਏ ਇਸ ਦੀ ਵਰਤੋਂ ਹੋਰ ਲਾਭਦਾਇਕ ਉਤਪਾਦ ਬਣਾਉਣ ਲਈ ਕੀਤੀ ਜਾਵੇ, ਕਿਉਂਕਿ ਪਰਾਲੀ ਸਾੜਨ ਨਾਲ ਪੈਦਾ ਹੋਣ ਵਾਲਾ ਪ੍ਰਦੂਸ਼ਣ ਨਾ ਸਿਰਫ਼ ਮਨੁੱਖੀ ਸਿਹਤ ਸਗੋਂ ਸਮੁੱਚੇ ਵਾਤਾਵਰਣ ਲਈ ਵੀ ਨੁਕਸਾਨਦੇਹ ਹੈ। ਇਸ ਮੌਕੇ ਆਈ.ਆਈ.ਸੀ. ਦੇ ਕੋਆਰਡੀਨੇਟਰ ਡਾ. ਸ਼ੁਭਮ ਸਿੰਘ ਨੇ ਦੱਸਿਆ ਕਿ ਇਸ ਫੀਲਡ ਵਿਜ਼ਿਟ ਵਿੱਚ 40 ਤੋਂ ਵੱਧ ਵਿਦਿਆਰਥੀਆਂ ਅਤੇ ਅਧਿਆਪਕਾਂ ਨੇ ਭਾਗ ਲਿਆ।

ਇਸ ਦੌਰਾਨ ਡਾ. ਭੀਮਾਕਿਰਨ, ਡਾ. ਸ਼ੁਭਮ ਠਾਕੁਰ, ਡਾ. ਵਿਵੇਕ ਅਸਾਠੀ, ਡਾ. ਸੰਤ ਕੁਮਾਰ ਵਰਮਾ ਅਤੇ ਡਾ. ਨਵਜੋਤ ਕੌਰ ਵੀ ਮੌਜੂਦ ਸਨ। ਸਾਰੇ ਅਧਿਆਪਕਾਂ ਅਤੇ ਵਿਦਿਆਰਥੀਆਂ ਨੇ ਪਰਾਲੀ ਦੀ ਸੰਭਾਲ ਅਤੇ ਇਸ ਤੋਂ ਵੱਖ-ਵੱਖ ਲੋੜੀਂਦੇ ਉਤਪਾਦ ਤਿਆਰ ਕਰਨ ਸਬੰਧੀ ਤਕਨੀਕੀ ਜਾਣਕਾਰੀ ਹਾਸਲ ਕੀਤੀ ਅਤੇ ਇਸ ਖੇਤਰ ਵਿੱਚ ਨਵੇਂ ਮੌਕਿਆਂ ਬਾਰੇ ਵਿਚਾਰ-ਵਟਾਂਦਰਾ ਕੀਤਾ।