ਮੋਗਾ/ਸੰਜੀਵ ਕੁਮਾਰ ਅਰੋੜਾ
ਮੋਗਾ ਵਿੱਚ ਵਿਦਿਆਰਥੀਆਂ ਨੂੰ ਕਿਤਾਬੀ ਗਿਆਨ ਦੇ ਨਾਲ-ਨਾਲ ਵਿਹਾਰਕ ਗਤੀਵਿਧੀਆਂ ਰਾਹੀਂ ਸਿੱਖਿਆ ਪ੍ਰਦਾਨ ਕਰਨ ਦੇ ਉਦੇਸ਼ ਨਾਲ ਸਮੇਂ-ਸਮੇਂ ’ਤੇ ਵੱਖ-ਵੱਖ ਰਚਨਾਤਮਕ ਗਤੀਵਿਧੀਆਂ ਕਰਵਾਈਆਂ ਜਾਂਦੀਆਂ ਹਨ। ਇਸੇ ਲੜੀ ਤਹਿਤ ਸਕੂਲ ਦੀ ਚੌਥੀ ਜਮਾਤ ਦੇ ਵਿਦਿਆਰਥੀਆਂ ਲਈ ‘ਲਰਨਿੰਗ ਬਾਇ ਡੂਇੰਗ’ ਗਤੀਵਿਧੀ ਅਧੀਨ ‘ਟਾਈਪਸ ਆਫ ਟੀਥ’ ਵਿਸ਼ੇ ’ਤੇ ਵਿਸ਼ੇਸ਼ ਗਤੀਵਿਧੀ ਕਰਵਾਈ ਗਈ। ਇਸ ਗਤੀਵਿਧੀ ਦੌਰਾਨ ਵਿਦਿਆਰਥੀਆਂ ਨੇ ਛੋਟੇ-ਛੋਟੇ ਦੰਦਾਂ ਦੇ ਡਾਕਟਰ ਬਣ ਕੇ ਦੰਦਾਂ ਦੀ ਬਣਤਰ, ਉਨ੍ਹਾਂ ਦੀਆਂ ਵੱਖ-ਵੱਖ ਕਿਸਮਾਂ ਅਤੇ ਭੋਜਨ ਨੂੰ ਚਬਾਉਣ ਵਿੱਚ ਉਨ੍ਹਾਂ ਦੀ ਮਹੱਤਵਪੂਰਨ ਭੂਮਿਕਾ ਬਾਰੇ ਜਾਣਕਾਰੀ ਹਾਸਲ ਕੀਤੀ। ਗਤੀਵਿਧੀ ਦੌਰਾਨ ਵਿਦਿਆਰਥੀਆਂ ਨੂੰ ਦੱਸਿਆ ਗਿਆ ਕਿ ਮਨੁੱਖ ਦੇ ਮੂੰਹ ਵਿੱਚ ਮੁੱਖ ਤੌਰ ’ਤੇ ਚਾਰ ਕਿਸਮਾਂ ਦੇ ਦੰਦ ਹੁੰਦੇ ਹਨ, ਜਿਨ੍ਹਾਂ ਵਿੱਚ ਇਨਸਾਈਜ਼ਰ (ਅੱਗੇ ਵਾਲੇ ਕੱਟਣ ਵਾਲੇ ਦੰਦ), ਕੈਨਾਈਨ (ਨੁਕੀਲੇ ਦੰਦ), ਪ੍ਰੀਮੋਲਰ (ਭੋਜਨ ਨੂੰ ਕੁਚਲਣ ਵਾਲੇ ਦੰਦ) ਅਤੇ ਮੋਲਰ (ਭੋਜਨ ਨੂੰ ਪੀਸਣ ਵਾਲੇ ਦੰਦ) ਸ਼ਾਮਲ ਹਨ। ਅਧਿਆਪਕਾਂ ਨੇ ਬੱਚਿਆਂ ਨੂੰ ਸਰਲ ਅਤੇ ਦਿਲਚਸਪ ਢੰਗ ਨਾਲ ਸਮਝਾਇਆ ਕਿ ਇਹ ਚਾਰੇ ਕਿਸਮਾਂ ਦੇ ਦੰਦ ਮਿਲ ਕੇ ਭੋਜਨ ਨੂੰ ਛੋਟੇ-ਛੋਟੇ ਟੁਕੜਿਆਂ ਵਿੱਚ ਵੰਡਣ ਅਤੇ ਚੰਗੀ ਤਰ੍ਹਾਂ ਚਬਾਉਣ ਵਿੱਚ ਮਦਦ ਕਰਦੇ ਹਨ। ਇਸ ਮੌਕੇ ਵਿਦਿਆਰਥੀਆਂ ਨੇ ਵੱਖ-ਵੱਖ ਸਿੱਖਿਆਦਾਇਕ ਮਾਡਲਾਂ ਦੀ ਮਦਦ ਨਾਲ ਦੰਦਾਂ ਦੀ ਬਣਤਰ ਨੂੰ ਸਮਝਿਆ। ਉਨ੍ਹਾਂ ਜਾਣਿਆ ਕਿ ਅੱਗੇ ਵਾਲੇ ਦੰਦ ਭੋਜਨ ਨੂੰ ਕੱਟਣ, ਨੁਕੀਲੇ ਦੰਦ ਭੋਜਨ ਨੂੰ ਪਾੜਨ, ਪ੍ਰੀਮੋਲਰ ਭੋਜਨ ਨੂੰ ਕੁਚਲਣ ਅਤੇ ਮੋਲਰ ਭੋਜਨ ਨੂੰ ਚੰਗੀ ਤਰ੍ਹਾਂ ਪੀਸਣ ਦਾ ਕੰਮ ਕਰਦੇ ਹਨ। ਬੱਚਿਆਂ ਨੇ ਖੁਦ ਮਾਡਲਾਂ ਰਾਹੀਂ ਦੰਦਾਂ ਦੀਆਂ ਕਿਸਮਾਂ ਦੀ ਪਛਾਣ ਕੀਤੀ ਅਤੇ ਉਨ੍ਹਾਂ ਦੇ ਕੰਮਾਂ ਬਾਰੇ ਆਪਣੀ ਜਾਣਕਾਰੀ ਵਿੱਚ ਵਾਧਾ ਕੀਤਾ। ਇਸ ਰਚਨਾਤਮਕ ਗਤੀਵਿਧੀ ਦਾ ਮੁੱਖ ਉਦੇਸ਼ ਵਿਦਿਆਰਥੀਆਂ ਨੂੰ ਸਿਰਫ਼ ਪਾਠ-ਪੁਸਤਕਾਂ ਤੱਕ ਸੀਮਤ ਨਾ ਰੱਖ ਕੇ ਉਨ੍ਹਾਂ ਨੂੰ ਖੁਦ ਪ੍ਰਯੋਗ ਕਰਕੇ ਸਿੱਖਣ ਲਈ ਉਤਸ਼ਾਹਿਤ ਕਰਨਾ ਸੀ। ਵਿਹਾਰਕ ਤਜਰਬੇ ਰਾਹੀਂ ਬੱਚਿਆਂ ਨੇ ਦੰਦਾਂ ਦੀ ਬਣਤਰ ਅਤੇ ਉਨ੍ਹਾਂ ਦੀ ਮਹੱਤਤਾ ਨੂੰ ਸਮਝਣ ਦੇ ਨਾਲ-ਨਾਲ ਇਹ ਵੀ ਜਾਣਿਆ ਕਿ ਸਿਹਤਮੰਦ ਦੰਦ ਪਾਚਨ ਕਿਰਿਆ ਅਤੇ ਸਮੁੱਚੀ ਸਰੀਰਕ ਸਿਹਤ ਲਈ ਕਿੰਨੇ ਜ਼ਰੂਰੀ ਹਨ। ਇਸ ਦੌਰਾਨ ਵਿਦਿਆਰਥੀਆਂ ਨੂੰ ਮੂੰਹ ਅਤੇ ਦੰਦਾਂ ਦੀ ਸਫ਼ਾਈ ਪ੍ਰਤੀ ਵੀ ਜਾਗਰੂਕ ਕੀਤਾ ਗਿਆ। ਉਨ੍ਹਾਂ ਨੂੰ ਰੋਜ਼ਾਨਾ ਸਵੇਰੇ ਅਤੇ ਰਾਤ ਨੂੰ ਸੌਣ ਤੋਂ ਪਹਿਲਾਂ ਦੰਦ ਸਾਫ਼ ਕਰਨ, ਸਹੀ ਢੰਗ ਨਾਲ ਬੁਰਸ਼ ਕਰਨ, ਮਿੱਠੀਆਂ ਚੀਜ਼ਾਂ ਦੀ ਵਧੇਰੇ ਵਰਤੋਂ ਤੋਂ ਬਚਣ ਅਤੇ ਦੰਦਾਂ ਦੀ ਨਿਯਮਿਤ ਸੰਭਾਲ ਕਰਨ ਦੀ ਮਹੱਤਤਾ ਬਾਰੇ ਜਾਣਕਾਰੀ ਦਿੱਤੀ ਗਈ। ਵਿਦਿਆਰਥੀਆਂ ਨੇ ਸਿਹਤਮੰਦ ਦੰਦਾਂ ਅਤੇ ਸੁੰਦਰ ਮੁਸਕਾਨ ਲਈ ਸਫ਼ਾਈ ਦੇ ਨਿਯਮਾਂ ਦੀ ਪਾਲਣਾ ਕਰਨ ਦਾ ਪ੍ਰਣ ਵੀ ਲਿਆ। ਸਕੂਲ ਦੇ ਚੇਅਰਮੈਨ ਇੰਜੀ. ਜਨੇਸ਼ ਗਰਗ ਨੇ ਕਿਹਾ ਕਿ ਸਿੱਖਿਆ ਦਾ ਅਸਲ ਮਕਸਦ ਬੱਚਿਆਂ ਵਿੱਚ ਗਿਆਨ ਦੇ ਨਾਲ-ਨਾਲ ਸੋਚਣ, ਸਮਝਣ ਅਤੇ ਖੁਦ ਪ੍ਰਯੋਗ ਕਰਕੇ ਸਿੱਖਣ ਦੀ ਯੋਗਤਾ ਵਿਕਸਿਤ ਕਰਨਾ ਹੈ। ਅਜਿਹੀਆਂ ਗਤੀਵਿਧੀਆਂ ਵਿਦਿਆਰਥੀਆਂ ਲਈ ਬਹੁਤ ਲਾਹੇਵੰਦ ਸਾਬਤ ਹੁੰਦੀਆਂ ਹਨ, ਕਿਉਂਕਿ ਜਦੋਂ ਬੱਚੇ ਕਿਸੇ ਵਿਸ਼ੇ ਨੂੰ ਖੁਦ ਕਰਕੇ ਸਿੱਖਦੇ ਹਨ ਤਾਂ ਉਹ ਜਾਣਕਾਰੀ ਲੰਬੇ ਸਮੇਂ ਤੱਕ ਉਨ੍ਹਾਂ ਦੇ ਮਨ ਵਿੱਚ ਰਹਿੰਦੀ ਹੈ। ਉਨ੍ਹਾਂ ਕਿਹਾ ਕਿ ਸਕੂਲ ਦਾ ਯਤਨ ਹੈ ਕਿ ਹਰੇਕ ਵਿਦਿਆਰਥੀ ਨੂੰ ਅਜਿਹਾ ਸਿੱਖਿਆਦਾਇਕ ਮਾਹੌਲ ਮਿਲੇ, ਜਿੱਥੇ ਉਹ ਆਪਣੀ ਜਗਿਆਸਾ ਨੂੰ ਗਿਆਨ ਵਿੱਚ ਬਦਲ ਸਕੇ ਅਤੇ ਆਤਮ-ਵਿਸ਼ਵਾਸ ਨਾਲ ਅੱਗੇ ਵਧੇ। ਸਕੂਲ ਦੀ ਡਾਇਰੈਕਟਰ ਡਾ. ਮੁਸਕਾਨ ਗਰਗ ਨੇ ਕਿਹਾ ਕਿ ਬੱਚਿਆਂ ਦੇ ਸਰਵਪੱਖੀ ਵਿਕਾਸ ਲਈ ਕਿਤਾਬੀ ਸਿੱਖਿਆ ਦੇ ਨਾਲ-ਨਾਲ ਸਿਹਤ ਸਬੰਧੀ ਜਾਗਰੂਕਤਾ ਵੀ ਬਹੁਤ ਜ਼ਰੂਰੀ ਹੈ। ਛੋਟੀ ਉਮਰ ਤੋਂ ਹੀ ਬੱਚਿਆਂ ਨੂੰ ਦੰਦਾਂ ਦੀ ਸਫ਼ਾਈ, ਨਿੱਜੀ ਸਵੱਛਤਾ ਅਤੇ ਸਿਹਤਮੰਦ ਆਦਤਾਂ ਪ੍ਰਤੀ ਜਾਗਰੂਕ ਕਰਨਾ ਉਨ੍ਹਾਂ ਦੇ ਬਿਹਤਰ ਭਵਿੱਖ ਲਈ ਮਹੱਤਵਪੂਰਨ ਹੈ। ਉਨ੍ਹਾਂ ਕਿਹਾ ਕਿ ‘ਲਰਨਿੰਗ ਬਾਇ ਡੂਇੰਗ’ ਵਰਗੀਆਂ ਗਤੀਵਿਧੀਆਂ ਬੱਚਿਆਂ ਨੂੰ ਖੁਸ਼ਨੁਮਾ ਮਾਹੌਲ ਵਿੱਚ ਔਖੇ ਵਿਸ਼ਿਆਂ ਨੂੰ ਵੀ ਆਸਾਨੀ ਨਾਲ ਸਮਝਣ ਦਾ ਮੌਕਾ ਪ੍ਰਦਾਨ ਕਰਦੀਆਂ ਹਨ। ਉਨ੍ਹਾਂ ਵਿਦਿਆਰਥੀਆਂ ਦੇ ਉਤਸ਼ਾਹ ਅਤੇ ਅਧਿਆਪਕਾਂ ਦੇ ਯਤਨਾਂ ਦੀ ਸ਼ਲਾਘਾ ਕੀਤੀ। ਅੰਤ ਵਿੱਚ ਵਿਦਿਆਰਥੀਆਂ ਨੇ ਦੰਦਾਂ ਦੀਆਂ ਚਾਰੋਂ ਕਿਸਮਾਂ ਦੀ ਪਛਾਣ ਕਰਦਿਆਂ ਉਨ੍ਹਾਂ ਦੇ ਕੰਮਾਂ ਬਾਰੇ ਜਾਣਕਾਰੀ ਪੂਰੇ ਆਤਮ-ਵਿਸ਼ਵਾਸ ਨਾਲ ਪੇਸ਼ ਕੀਤੀ। ਇਸ ਗਤੀਵਿਧੀ ਨੇ ਬੱਚਿਆਂ ਦੇ ਗਿਆਨ ਵਿੱਚ ਵਾਧਾ ਕਰਨ ਦੇ ਨਾਲ-ਨਾਲ ਉਨ੍ਹਾਂ ਨੂੰ ਸਿਹਤਮੰਦ ਜੀਵਨ ਸ਼ੈਲੀ ਅਪਣਾਉਣ ਲਈ ਵੀ ਪ੍ਰੇਰਿਤ ਕੀਤਾ।