
ਅਧਿਆਪਕਾਂ ਨੇ ਦਿਲਚਸਪ ਕਹਾਣੀਆਂ ਰਾਹੀਂ ਬੱਚਿਆਂ ਨੂੰ ਦਇਆ, ਸਮਝਦਾਰੀ ਅਤੇ ਸਹੀ ਫੈਸਲੇ ਲੈਣ ਦੇ ਗੁਣ ਸਿਖਾਏ

ਸ਼ਹਿਰ ਦੀ ਪ੍ਰਮੁੱਖ ਵਿੱਦਿਅਕ ਸੰਸਥਾ ਦ ਲਰਨਿੰਗ ਫੀਲਡ ਏ ਗਲੋਬਲ ਸਕੂਲ (ਟੀ.ਐਲ.ਐੱਫ.) ਦੀ ਮੈਨੇਜਮੈਂਟ ਕਮੇਟੀ ਦੇ ਚੇਅਰਮੈਨ ਪ੍ਰਵੀਨ ਗਰਗ, ਚੇਅਰਮੈਨ ਇੰਜੀ. ਜਨੇਸ਼ ਗਰਗ ਅਤੇ ਡਾਇਰੈਕਟਰ ਡਾ. ਮੁਸਕਾਨ ਗਰਗ ਦੇ ਦਿਸ਼ਾ-ਨਿਰਦੇਸ਼ਾਂ ਹੇਠ ਅੱਜ ਸਕੂਲ ਦੇ ਕਿੰਡਰਗਾਰਟਨ ਵਿਭਾਗ ਵੱਲੋਂ ਬੱਚਿਆਂ ਲਈ ਮਨੋਰੰਜਕ ਅਤੇ ਸਿੱਖਿਆਦਾਇਕ ਕਠਪੁਤਲੀ ਸ਼ੋਅ ਦਾ ਆਯੋਜਨ ਬੜੇ ਉਤਸ਼ਾਹ ਨਾਲ ਕੀਤਾ ਗਿਆ। ਇਸ ਮੌਕੇ ਅਧਿਆਪਕਾਵਾਂ ਨੇ ਕਠਪੁਤਲੀਆਂ ਰਾਹੀਂ ਵੱਖ-ਵੱਖ ਦਿਲਚਸਪ ਕਹਾਣੀਆਂ ਦਾ ਮੰਚਨ ਕਰਕੇ ਬੱਚਿਆਂ ਦਾ ਮਨੋਰੰਜਨ ਕਰਨ ਦੇ ਨਾਲ-ਨਾਲ ਉਨ੍ਹਾਂ ਨੂੰ ਨੈਤਿਕ ਸਿੱਖਿਆ ਵੀ ਦਿੱਤੀ।

ਇਸ ਪ੍ਰੋਗਰਾਮ ਦੌਰਾਨ ਨਰਸਰੀ ਜਮਾਤ ਦੀਆਂ ਅਧਿਆਪਕਾਵਾਂ ਨੇ ‘ਸ਼ੇਰ ਅਤੇ ਚੂਹਾ’ ਕਹਾਣੀ ਪੇਸ਼ ਕੀਤੀ। ਇਸ ਕਹਾਣੀ ਰਾਹੀਂ ਬੱਚਿਆਂ ਨੂੰ ਦਿਆਲਤਾ ਅਤੇ ਦੂਜਿਆਂ ਦੀ ਮਦਦ ਕਰਨ ਦੀ ਮਹੱਤਤਾ ਬਾਰੇ ਸਮਝਾਇਆ ਗਿਆ। ਐੱਲ.ਕੇ.ਜੀ. ਦੀਆਂ ਅਧਿਆਪਕਾਵਾਂ ਨੇ ‘ਮੂਰਖ ਗਧਾ’ ਕਹਾਣੀ ਦਾ ਮੰਚਨ ਕਰਦਿਆਂ ਬੱਚਿਆਂ ਨੂੰ ਸਮਝਦਾਰੀ ਨਾਲ ਕੰਮ ਲੈਣ ਅਤੇ ਆਪਣੀਆਂ ਗਲਤੀਆਂ ਤੋਂ ਸਿੱਖਣ ਦੀ ਪ੍ਰੇਰਣਾ ਦਿੱਤੀ। ਉੱਥੇ ਹੀ ਯੂ.ਕੇ.ਜੀ. ਦੀਆਂ ਅਧਿਆਪਕਾਵਾਂ ਨੇ ‘ਦੋ ਬਿੱਲੀਆਂ ਅਤੇ ਬਾਂਦਰ’ ਕਹਾਣੀ ਪੇਸ਼ ਕਰਕੇ ਇਹ ਸੰਦੇਸ਼ ਦਿੱਤਾ ਕਿ ਆਪਣੇ ਆਪਸੀ ਝਗੜਿਆਂ ਨੂੰ ਸੁਲਝਾਉਣ ਲਈ ਅੱਖਾਂ ਬੰਦ ਕਰਕੇ ਦੂਜਿਆਂ ‘ਤੇ ਭਰੋਸਾ ਨਹੀਂ ਕਰਨਾ ਚਾਹੀਦਾ। ਸਾਰੀਆਂ ਕਹਾਣੀਆਂ ਨੂੰ ਅਧਿਆਪਕਾਵਾਂ ਨੇ ਦਿਲਕਸ਼ ਹਾਵ-ਭਾਵ, ਸ਼ਾਨਦਾਰ ਅਦਾਕਾਰੀ ਅਤੇ ਰਚਨਾਤਮਕ ਪੇਸ਼ਕਾਰੀ ਨਾਲ ਜੀਵੰਤ ਬਣਾਇਆ। ਨੰਨ੍ਹੇ-ਮੁੰਨੇ ਵਿਦਿਆਰਥੀਆਂ ਨੇ ਪੂਰੇ ਉਤਸ਼ਾਹ ਨਾਲ ਪ੍ਰੋਗਰਾਮ ਦਾ ਆਨੰਦ ਮਾਣਿਆ ਅਤੇ ਸਾਰੀਆਂ ਪੇਸ਼ਕਾਰੀਆਂ ਨੂੰ ਬੜੇ ਧਿਆਨ ਨਾਲ ਦੇਖਿਆ।

ਇਸ ਮੌਕੇ ਸਕੂਲ ਦੇ ਚੇਅਰਮੈਨ ਇੰਜੀ. ਜਨੇਸ਼ ਗਰਗ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਇਸ ਗਤੀਵਿਧੀ ਦਾ ਉਦੇਸ਼ ਬੱਚਿਆਂ ਨੂੰ ਖੇਡ-ਖੇਡ ਵਿੱਚ ਸਿੱਖਿਆ ਦੇਣ ਦੇ ਨਾਲ-ਨਾਲ ਉਨ੍ਹਾਂ ਦੀ ਕਲਪਨਾਸ਼ਕਤੀ, ਸੁਣਨ ਦੀ ਸਮਰੱਥਾ ਅਤੇ ਨੈਤਿਕ ਕਦਰਾਂ-ਕੀਮਤਾਂ ਦੀ ਸਮਝ ਨੂੰ ਵਿਕਸਿਤ ਕਰਨਾ ਹੈ। ਉਨ੍ਹਾਂ ਕਿਹਾ ਕਿ ਅਜਿਹੇ ਪ੍ਰੋਗਰਾਮ ਬੱਚਿਆਂ ਦੇ ਸਰਵਪੱਖੀ ਵਿਕਾਸ ਵਿੱਚ ਅਹਿਮ ਭੂਮਿਕਾ ਨਿਭਾਉਂਦੇ ਹਨ।